Menu

ਯੂਹੰਨਾ ਦੇ ਪਰਕਾਸ਼ ਦੀ ਪੋਥੀ 4

IRV

1 ਇਸ ਤੋਂ ਬਾਅਦ ਮੈਂ ਦੇਖਿਆ, ਤਾਂ ਕੀ ਵੇਖਦਾ ਹਾਂ ਕਿ ਸਵਰਗ ਵਿੱਚ ਇੱਕ ਬੂਹਾ ਖੁੱਲਿਆ ਹੋਇਆ ਹੈ ਅਤੇ ਪਹਿਲੀ ਅਵਾਜ਼ ਜੋ ਮੈਂ ਸੁਣੀ, ਸੋ ਤੁਰ੍ਹੀ ਜਿਹੀ ਮੇਰੇ ਨਾਲ ਗੱਲ ਕਰਦੀ ਸੀ ਕਿ ਐਧਰ ਉੱਪਰ ਨੂੰ ਆ ਜਾ ਅਤੇ ਜੋ ਕੁਝ ਇਸ ਦੇ ਬਾਅਦ ਹੋਣ ਵਾਲਾ ਹੈ ਉਹ ਮੈਂ ਤੈਨੂੰ ਵਿਖਾਂਵਾਗਾ। 2 ਉਸੇ ਤਰ੍ਹਾਂ ਹੀ ਮੈਂ ਆਤਮਾ ਵਿੱਚ ਆਇਆ ਤਦ ਕੀ ਵੇਖਦਾ ਹਾਂ ਕਿ ਸਵਰਗ ਵਿੱਚ ਇੱਕ ਸਿੰਘਾਸਣ ਰੱਖਿਆ ਹੋਇਆ ਹੈ ਅਤੇ ਉਸ ਸਿੰਘਾਸਣ ਉੱਤੇ ਕੋਈ ਬਿਰਾਜਮਾਨ ਹੈ। 3 ਅਤੇ ਜਿਹੜਾ ਬਿਰਾਜਮਾਨ ਹੈ ਸੋ ਵੇਖਣ ਨੂੰ ਪੁਖਰਾਜ ਅਤੇ ਅਕੀਕ ਪੱਥਰ ਵਰਗਾ ਹੈ ਅਤੇ ਸਿੰਘਾਸਣ ਦੇ ਦੁਆਲੇ ਇੱਕ ਮੇਘ ਧਣੁੱਖ ਹੈ ਜੋ ਵੇਖਣ ਨੂੰ ਪੰਨੇ ਦੇ ਵਰਗਾ ਹੈ। 4 ਸਿੰਘਾਸਣ ਦੇ ਆਲੇ-ਦੁਆਲੇ ਚੌਵੀ ਗੱਦੀਆਂ ਹਨ ਅਤੇ ਮੈਂ ਚੌਵੀ ਬਜ਼ੁਰਗਾਂ ਨੂੰ ਚਿੱਟੇ ਬਸਤਰ ਪਹਿਨੇ ਅਤੇ ਸਿਰਾਂ ਉੱਤੇ ਸੋਨੇ ਦੇ ਮੁਕਟ ਰੱਖੇ ਉਹਨਾਂ ਗੱਦੀਆਂ ਉੱਤੇ ਬੈਠੇ ਦੇਖਿਆ। 5 ਅਤੇ ਸਿੰਘਾਸਣ ਵਿੱਚੋਂ ਬਿਜਲੀਆਂ ਦੀਆਂ ਲਿਸ਼ਕਾਂ, ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਨਿੱਕਲਦੀਆਂ ਹਨ ਅਤੇ ਸਿੰਘਾਸਣ ਦੇ ਸਾਹਮਣੇ ਅੱਗ ਦੇ ਸੱਤ ਦੀਵੇ ਬਲਦੇ ਹਨ, ਜਿਹੜੇ ਪਰਮੇਸ਼ੁਰ ਦੇ ਸੱਤੇ ਆਤਮੇ ਹਨ। 6 ਅਤੇ ਸਿੰਘਾਸਣ ਦੇ ਅੱਗੇ ਬਲੌਰ ਵਰਗਾ ਕੱਚ ਦਾ ਇੱਕ ਸਮੁੰਦਰ ਸੀ ਅਤੇ ਸਿੰਘਾਸਣ ਦੇ ਵਿਚਾਲੇ ਅਤੇ ਸਿੰਘਾਸਣ ਦੇ ਆਲੇ-ਦੁਆਲੇ ਚਾਰ ਪ੍ਰਾਣੀ ਹਨ, ਜਿਹੜੇ ਅੱਗਿਓਂ ਪਿੱਛਿਓਂ ਅੱਖਾਂ ਨਾਲ ਭਰੇ ਹੋਏ ਹਨ। 7 ਅਤੇ ਪਹਿਲਾ ਪ੍ਰਾਣੀ ਬੱਬਰ ਸ਼ੇਰ ਵਰਗਾ ਹੈ ਅਤੇ ਦੂਜਾ ਪ੍ਰਾਣੀ ਵਹਿੜਕੇ ਵਰਗਾ ਅਤੇ ਤੀਜੇ ਪ੍ਰਾਣੀ ਦਾ ਮੂੰਹ ਮਨੁੱਖ ਦੇ ਮੂੰਹ ਵਰਗਾ ਹੈ ਅਤੇ ਚੌਥਾ ਪ੍ਰਾਣੀ ਉੱਡਦੇ ਹੋਏ ਉਕਾਬ ਵਰਗਾ ਹੈ। 8 ਅਤੇ ਉਹ ਚਾਰੇ ਪ੍ਰਾਣੀ ਜਿਨ੍ਹਾਂ ਵਿੱਚੋਂ ਹਰੇਕ ਦੇ ਛੇ-ਛੇ ਖੰਭ ਹਨ ਅਤੇ ਉਹ ਰਾਤ-ਦਿਨ ਇਹ ਕਹਿੰਦੇ ਨਹੀਂ ਥੱਕਦੇ - ਪਵਿੱਤਰ, ਪਵਿੱਤਰ, ਪਵਿੱਤਰ ਹੈ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈ ਸੀ ਅਤੇ ਹੈ ਅਤੇ ਆਉਣ ਵਾਲਾ ਹੈ! 9 ਜਦੋਂ ਉਹ ਪ੍ਰਾਣੀ ਉਸ ਦੀ ਵਡਿਆਈ, ਮਾਣ ਅਤੇ ਧੰਨਵਾਦ ਕਰਨਗੇ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਜਿਹੜਾ ਜੁੱਗੋ-ਜੁੱਗ ਜਿਉਂਦਾ ਹੈ 10 ਤਾਂ ਚੌਵੀ ਬਜ਼ੁਰਗ ਉਹ ਦੇ ਅੱਗੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਡਿੱਗ ਪੈਣਗੇ ਅਤੇ ਜਿਹੜਾ ਜੁੱਗੋ-ਜੁੱਗ ਜਿਉਂਦਾ ਹੈ ਉਹ ਨੂੰ ਮੱਥਾ ਟੇਕਣਗੇ ਅਤੇ ਇਹ ਆਖਦੇ ਹੋਏ ਆਪਣੇ ਮੁਕਟ ਸਿੰਘਾਸਣ ਦੇ ਅੱਗੇ ਸੁੱਟਣਗੇ 11 ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਯੋਗ ਹੈਂ, ਤੂੰ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਉਹ ਤੇਰੀ ਹੀ ਮਰਜ਼ੀ ਨਾਲ ਹੋਈਆਂ ਅਤੇ ਰਚੀਆਂ ਗਈਆਂ!

Everything we make is available for free because of a generous community of supporters.

Donate