Menu

ਜ਼ਬੂਰ 95

IRV

1 ਆਓ, ਅਸੀਂ ਯਹੋਵਾਹ ਲਈ ਜੈਕਾਰਾ ਗਜਾਈਏ, ਅਤੇ ਆਪਣੀ ਮੁਕਤੀ ਦੀ ਚੱਟਾਨ ਲਈ ਨਾਰਾ ਮਾਰੀਏ! 2 ਧੰਨਵਾਦ ਕਰਦਿਆਂ ਉਹ ਦੇ ਹਜ਼ੂਰ ਵਿੱਚ, ਉਹ ਦੇ ਲਈ ਭਜਨਾਂ ਦੇ ਨਾਰੇ ਮਾਰਦਿਆਂ ਚੱਲੀਏ! 3 ਯਹੋਵਾਹ ਤਾਂ ਮਹਾਨ ਪਰਮੇਸ਼ੁਰ ਹੈ, ਅਤੇ ਸਾਰੇ ਦੇਵਤਿਆਂ ਉੱਤੇ ਵੱਡਾ ਪਾਤਸ਼ਾਹ ਹੈ, 4 ਜਿਹ ਦੇ ਹੱਥ ਵਿੱਚ ਧਰਤੀ ਦੇ ਥੱਲੇ ਹਨ, ਪਹਾੜਾਂ ਦੀਆਂ ਟੀਸੀਆਂ ਵੀ ਉਹ ਦੀਆਂ ਹਨ, 5 ਸਮੁੰਦਰ ਉਹ ਦਾ ਹੈ ਅਤੇ ਉਹ ਨੇ ਉਸ ਨੂੰ ਬਣਾਇਆ, ਅਤੇ ਉਹ ਦੇ ਹੱਥਾਂ ਨੇ ਖੁਸ਼ਕੀ ਨੂੰ ਵੀ ਸਾਜਿਆ। 6 ਆਓ, ਅਸੀਂ ਮੱਥਾ ਟੇਕੀਏ ਅਤੇ ਝੁੱਕ ਕੇ ਯਹੋਵਾਹ ਆਪਣੇ ਸਿਰਜਣਹਾਰ ਦੇ ਅੱਗੇ ਗੋਡੇ ਨਿਵਾਈਏ! 7 ਉਹ ਤਾਂ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਦੀ ਜੂਹ ਦੀ ਪਰਜਾ ਅਤੇ ਉਹ ਦੇ ਹੱਥ ਦੀਆਂ ਭੇਡਾਂ ਹਾਂ। ਕਾਸ਼ ਕਿ ਤੁਸੀਂ ਅੱਜ ਉਸ ਦੀ ਅਵਾਜ਼ ਸੁਣਦੇ! 8 ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਮਰੀਬਾਹ ਤੇ ਮੱਸਾਹ ਦੇ ਵੇਲੇ ਉਜਾੜ ਵਿੱਚ ਕੀਤਾ, 9 ਜਦ ਤੁਹਾਡੇ ਪੁਰਖਿਆਂ ਨੇ ਮੈਨੂੰ ਪਰਤਾਇਆ, ਮੇਰੀ ਜਾਚ ਕੀਤੀ ਅਤੇ ਮੇਰਾ ਕੰਮ ਵੇਖਿਆ। 10 ਚਾਲ੍ਹੀ ਵਰ੍ਹਿਆਂ ਤੱਕ ਮੈਂ ਉਸ ਪੀੜ੍ਹੀ ਤੋਂ ਕ੍ਰੋਧਿਤ ਰਿਹਾ, ਤਾਂ ਮੈਂ ਆਖਿਆ ਕਿ ਇਹ ਤਾਂ ਫਿਰਤੂ ਮਨ ਦੇ ਲੋਕ ਹਨ, ਜਿਨ੍ਹਾਂ ਨੇ ਮੇਰੇ ਰਾਹਾਂ ਨੂੰ ਨਹੀਂ ਜਾਣਿਆ, 11 ਜਿਨ੍ਹਾਂ ਲਈ ਮੈਂ ਆਪਣੇ ਕ੍ਰੋਧ ਵਿੱਚ ਸਹੁੰ ਖਾਧੀ, ਕਿ ਇਹ ਮੇਰੇ ਅਰਾਮ ਵਿੱਚ ਨਾ ਵੜਨਗੇ।

Everything we make is available for free because of a generous community of supporters.

Donate