Menu

ਜ਼ਬੂਰ 84

IRV

1 ਹੇ ਸੈਨਾਂ ਦੇ ਯਹੋਵਾਹ, ਤੇਰੇ ਡੇਰੇ ਕਿਹੇ ਪ੍ਰੇਮ ਰੱਤੇ ਹਨ! 2 ਮੇਰਾ ਜੀਅ ਯਹੋਵਾਹ ਦੀਆਂ ਦਰਗਾਹਾਂ ਲਈ ਤਰਸਦਾ ਸਗੋਂ ਖੁੱਸਦਾ ਜਾਂਦਾ ਹੈ, ਮੇਰਾ ਤਨ-ਮਨ ਜਿਉਂਦੇ ਪਰਮੇਸ਼ੁਰ ਲਈ ਜੈਕਾਰਾ ਗਜਾਉਂਦਾ ਹੈ! 3 ਹੇ ਸੈਨਾਂ ਦੇ ਯਹੋਵਾਹ, ਮੇਰੇ ਪਾਤਸ਼ਾਹ ਅਤੇ ਮੇਰੇ ਪਰਮੇਸ਼ੁਰ, ਤੇਰੀਆਂ ਜਗਵੇਦੀਆਂ ਵਿੱਚ ਚਿੜ੍ਹੀ ਨੇ ਆਪਣੇ ਲਈ ਘਰ ਅਤੇ ਬਾਲਕਟਾਰੇ ਨੇ ਆਪਣੇ ਬੋਟਾਂ ਨੂੰ ਰੱਖਣ ਲਈ ਆਲ੍ਹਣਾ ਪਾਇਆ ਹੈ। 4 ਧੰਨ ਓਹ ਹਨ ਜਿਹੜੇ ਭਵਨ ਵਿੱਚ ਵੱਸਦੇ ਹਨ, ਓਹ ਨਿੱਤ ਤੇਰੀ ਉਸਤਤ ਕਰਨਗੇ! ਸਲਹ। 5 ਧੰਨ ਓਹ ਆਦਮੀ ਹੈ ਜਿਹ ਦਾ ਬਲ ਤੇਰੀ ਵੱਲੋਂ ਹੈ, ਜਿਹ ਦੇ ਮਨ ਵਿੱਚ ਤੇਰੇ ਮਾਰਗ ਹਨ! 6 ਓਹ ਬਾਕਾ ਦੀ ਵਾਦੀ ਦੇ ਵਿੱਚ ਦੀ ਲੰਘਦਿਆਂ, ਉੱਥੇ ਪਾਣੀ ਦੇ ਚਸ਼ਮੇ ਵਗਾ ਦਿੰਦੇ ਹਨ, ਸਗੋਂ ਪਹਿਲਾਂ ਮੀਂਹ ਉਸ ਨੂੰ ਬਰਕਤਾਂ ਨਾਲ ਢੱਕ ਲੈਂਦਾ ਹੈ। 7 ਓਹ ਬਲ ਤੇ ਬਲ ਪਾਉਂਦੇ ਚਲੇ ਜਾਂਦੇ ਹਨ, ਉਨ੍ਹਾਂ ਵਿੱਚੋਂ ਹਰੇਕ ਸੀਯੋਨ ਵਿੱਚ ਪਰਮੇਸ਼ੁਰ ਅੱਗੇ ਵਿਖਾਈ ਦਿੰਦਾ ਹੈ। 8 ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਮੇਰੀ ਬੇਨਤੀ ਸੁਣ, ਹੇ ਯਾਕੂਬ ਦੇ ਪਰਮੇਸ਼ੁਰ, ਆਪਣਾ ਕੰਨ ਲਾ! ਸਲਹ। 9 ਹੇ ਸਾਡੀ ਢਾਲ਼, ਵੇਖ, ਹੇ ਪਰਮੇਸ਼ੁਰ, ਆਪਣੇ ਮਸੀਹ ਦੇ ਮੁੱਖੜੇ ਵੱਲ ਧਿਆਨ ਕਰ! 10 ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ ਹਜ਼ਾਰ ਦਿਨਾਂ ਨਾਲੋਂ ਚੰਗਾ ਹੈ, ਮੈਂ ਪਰਮੇਸ਼ੁਰ ਦੇ ਭਵਨ ਦਾ ਰਾਖ਼ਾ ਬਣਨਾ ਦੁਸ਼ਟਾਂ ਦੇ ਤੰਬੂ ਵਿੱਚ ਵੱਸਣ ਨਾਲੋਂ ਪਸੰਦ ਕਰਦਾ ਹਾਂ। 11 ਯਹੋਵਾਹ ਪਰਮੇਸ਼ੁਰ ਇੱਕ ਸੂਰਜ ਤੇ ਇੱਕ ਢਾਲ਼ ਹੈ, ਯਹੋਵਾਹ ਦਯਾ ਅਤੇ ਤੇਜ ਦੇਵੇਗਾ, ਉਹ ਸਿਧਿਆਈ ਵਿੱਚ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਹੀਂ ਰੋਕੇਗਾ। 12 ਹੇ ਸੈਨਾਂ ਦੇ ਯਹੋਵਾਹ, ਧੰਨ ਹੈ ਉਹ ਆਦਮੀ ਜਿਹੜਾ ਤੇਰੇ ਉੱਤੇ ਭਰੋਸਾ ਰੱਖਦਾ ਹੈ!

Everything we make is available for free because of a generous community of supporters.

Donate