Menu

ਜ਼ਬੂਰ 77

IRV

1 ਮੈਂ ਪਰਮੇਸ਼ੁਰ ਅੱਗੇ ਆਪਣੀ ਅਵਾਜ਼ ਨਾਲ ਦੁਹਾਈ ਦਿਆਂਗਾ, ਹਾਂ, ਆਪਣੀ ਅਵਾਜ਼ ਨਾਲ ਪਰਮੇਸ਼ੁਰ ਅੱਗੇ, ਅਤੇ ਉਹ ਮੇਰੀ ਵੱਲ ਕੰਨ ਧਰੇਗਾ। 2 ਮੈਂ ਆਪਣੀ ਬਿਪਤਾ ਦੇ ਦਿਨ ਪ੍ਰਭੂ ਨੂੰ ਭਾਲਿਆ, ਮੇਰਾ ਹੱਥ ਰਾਤ ਨੂੰ ਪਸਾਰਿਆ ਰਿਹਾ ਅਤੇ ਢਿੱਲਾ ਨਾ ਹੋਇਆ, ਮੇਰੇ ਜੀਅ ਨੇ ਸ਼ਾਂਤੀ ਲੈਣ ਤੋਂ ਨਾਂਹ ਕੀਤੀ। 3 ਮੈਂ ਪਰਮੇਸ਼ੁਰ ਨੂੰ ਚੇਤੇ ਕਰਦਾ ਹਾਂ ਅਤੇ ਮੈਂ ਵਿਆਕੁਲ ਹੋ ਜਾਂਦਾ ਹਾਂ, ਮੈਂ ਧਿਆਨ ਦਿੰਦਾ ਹਾਂ ਅਤੇ ਮੇਰਾ ਆਤਮਾ ਹੁੱਸ ਜਾਂਦਾ ਹੈ। ਸਲਹ। 4 ਤੂੰ ਮੇਰੀਆਂ ਅੱਖਾਂ ਦੀਆਂ ਪਲਕਾਂ ਨੂੰ ਖੁੱਲ੍ਹਿਆਂ ਰੱਖਿਆ ਹੈ, ਮੈਂ ਘਬਰਾ ਜਾਂਦਾ ਅਤੇ ਬੋਲ ਨਾ ਸਕਦਾ। 5 ਮੈਂ ਪਿੱਛਲੇ ਦਿਨਾਂ ਉੱਤੇ ਅਤੇ ਆਪਣੇ ਵਰ੍ਹਿਆਂ ਦੇ ਸਮਿਆਂ ਉੱਤੇ ਸੋਚਿਆ। 6 ਮੈਂ ਰਾਤ ਨੂੰ ਆਪਣੇ ਗੀਤ ਦਾ ਸਿਮਰਨ ਕਰਦਾ ਹਾਂ, ਆਪਣੇ ਮਨ ਵਿੱਚ ਧਿਆਨ ਕਰਦਾ ਹਾਂ, ਅਤੇ ਮੇਰਾ ਆਤਮਾ ਖੋਜ ਕਰਦਾ ਹੈ, 7 ਕਿ ਪ੍ਰਭੂ ਸਦਾ ਹੀ ਤਿਆਗ ਦੇਵੇਗਾ, ਅਤੇ ਫੇਰ ਕਦੇ ਪਰਸੰਨ ਨਾ ਹੋਵੇਗਾ? 8 ਕੀ ਉਸ ਦੀ ਦਯਾ ਸਦਾ ਲਈ ਰੁੱਕ ਗਈ ਹੈ? ਕੀ ਉਸ ਦਾ ਬਚਨ ਪੀੜ੍ਹੀਓਂ ਪੀੜ੍ਹੀ ਹਟ ਗਿਆ? 9 ਕੀ ਪਰਮੇਸ਼ੁਰ ਕਿਰਪਾ ਕਰਨੀ ਭੁੱਲ ਗਿਆ? ਕੀ ਉਸ ਨੇ ਕ੍ਰੋਧ ਨਾਲ ਆਪਣੀਆਂ ਰਹਮਤਾਂ ਨੂੰ ਰੋਕ ਲਿਆ ਹੈ?। ਸਲਹ। 10 ਤਾਂ ਮੈਂ ਆਖਿਆ, ਇਹ ਮੇਰੀ ਕਮਜ਼ੋਰੀ ਹੈ, ਅੱਤ ਮਹਾਨ ਦਾ ਸੱਜਾ ਹੱਥ ਬਦਲ ਗਿਆ ਹੈ! 11 ਮੈਂ ਯਹੋਵਾਹ ਦੇ ਕੰਮਾਂ ਦਾ ਜ਼ਿਕਰ ਕਰਾਂਗਾ, ਕਿਉਂ ਜੋ ਮੈਂ ਤੇਰੇ ਪੁਰਾਣਿਆਂ ਸਮਿਆਂ ਦੇ ਅਚਰਜਾਂ ਨੂੰ ਚੇਤੇ ਕਰਾਂਗਾ। 12 ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ। 13 ਹੇ ਪਰਮੇਸ਼ੁਰ ਤੇਰਾ ਮਾਰਗ ਪਵਿੱਤਰਤਾਈ ਹੈ, ਪਰਮੇਸ਼ੁਰ ਵਰਗਾ ਵੱਡਾ ਦੇਵਤਾ ਕਿਹੜਾ ਹੈ? 14 ਤੂੰ ਉਹ ਪਰਮੇਸ਼ੁਰ ਹੈਂ ਜੋ ਅਚਰਜ਼ ਕੰਮ ਕਰਦਾ ਹੈਂ, ਤੂੰ ਲੋਕਾਂ ਦੇ ਵਿੱਚ ਆਪਣੀ ਸ਼ਕਤੀ ਪਰਗਟ ਕੀਤੀ। 15 ਤੂੰ ਆਪਣੀ ਬਾਂਹ ਨਾਲ ਆਪਣੀ ਪਰਜਾ ਨੂੰ ਯਾਕੂਬ ਤੇ ਯੂਸੁਫ਼ ਦੀ ਅੰਸ ਨੂੰ ਛੁਡਾਇਆ ਹੈ। ਸਲਹ। 16 ਪਾਣੀਆਂ ਨੇ ਤੈਨੂੰ ਡਿੱਠਾ, ਹੇ ਪਰਮੇਸ਼ੁਰ, ਪਾਣੀਆਂ ਨੇ ਤੈਨੂੰ ਡਿੱਠਾ, ਓਹ ਉੱਛਲ ਪਏ ਤੇ ਡੁੰਘਿਆਈਆਂ ਕੰਬ ਉੱਠੀਆਂ। 17 ਘਟਾਂ ਨੇ ਮੋਹਲੇਧਾਰ ਮੀਂਹ ਵਰ੍ਹਾਇਆ, ਗਗਣ ਨੇ ਖੜਕਾ ਦਿੱਤਾ, ਤੇਰੇ ਤੀਰ ਲਾਂਭੇ ਛਾਂਭੇ ਚੱਲੇ। 18 ਤੇਰੇ ਗੱਜਣ ਦਾ ਖੜਕ ਵਾਵਰੋਲੇ ਵਿੱਚ ਹੋਇਆ, ਲਸ਼ਕਾਂ ਨੇ ਸਰਿਸ਼ਟੀ ਨੂੰ ਚਾਨਣ ਦਿੱਤਾ, ਧਰਤੀ ਕੰਬੀ ਅਤੇ ਹਿੱਲ ਗਈ। 19 ਸਮੁੰਦਰ ਦੇ ਵਿੱਚ ਤੇਰਾ ਰਾਹ ਸੀ, ਤੇਰੇ ਪਹੇ ਵੱਡੇ ਪਾਣੀਆਂ ਦੇ ਵਿੱਚ ਸਨ, ਤੇਰੇ ਖੁਰੇ ਜਾਣੇ ਨਾ ਗਏ। 20 ਤੂੰ ਆਪਣੀ ਪਰਜਾ ਦੀ ਮੂਸਾ ਅਤੇ ਹਾਰੂਨ ਦੇ ਹੱਥੀਂ, ਇੱਜੜ ਦੀ ਨਿਆਈਂ ਅਗਵਾਈ ਕੀਤੀ।

Everything we make is available for free because of a generous community of supporters.

Donate