Menu

ਯਿਰਮਿਯਾਹ 8

IRV

1 ਯਹੋਵਾਹ ਦਾ ਵਾਕ ਹੈ ਕਿ ਉਸ ਵੇਲੇ ਓਹ ਯਹੂਦਾਹ ਦੇ ਰਾਜਿਆਂ ਦੀਆਂ ਹੱਡੀਆਂ, ਸਰਦਾਰਾਂ ਦੀਆਂ ਹੱਡੀਆਂ, ਜਾਜਕਾਂ ਦੀਆਂ ਹੱਡੀਆਂ, ਨਬੀਆਂ ਦੀਆਂ ਹੱਡੀਆਂ ਅਤੇ ਯਰੂਸ਼ਲਮ ਦੇ ਵਸਨੀਕਾਂ ਦੀਆਂ ਹੱਡੀਆਂ ਉਹਨਾਂ ਦੀਆਂ ਕਬਰਾਂ ਵਿੱਚੋਂ ਕੱਢ ਲਿਆਉਣਗੇ। 2 ਉਹ ਉਹਨਾਂ ਨੂੰ ਸੂਰਜ ਅੱਗੇ, ਚੰਦ ਅੱਗੇ ਅਤੇ ਅਕਾਸ਼ ਦੀ ਸਾਰੀ ਸੈਨਾਂ ਅੱਗੇ ਖਿਲਾਰ ਦੇਣਗੇ ਜਿਹਨਾਂ ਨੂੰ ਉਹ ਪਿਆਰ ਕਰਦੇ, ਜਿਹਨਾਂ ਦੀ ਉਹ ਪੂਜਾ ਕਰਦੇ, ਜਿਹਨਾਂ ਦੇ ਉਹ ਪਿੱਛੇ ਚਲਦੇ, ਜਿਹਨਾਂ ਦੇ ਉਹ ਤਾਲਿਬ ਸਨ ਅਤੇ ਜਿਹਨਾਂ ਨੂੰ ਉਹ ਮੱਥਾ ਟੇਕਦੇ ਸਨ। ਉਹ ਨਾ ਇਕੱਠੀਆਂ ਕੀਤੀਆਂ ਜਾਣਗੀਆਂ, ਨਾ ਦੱਬੀਆਂ ਜਾਣਗੀਆਂ, ਉਹ ਭੋਂ ਦੇ ਉੱਤੇ ਰੂੜੀ ਲਈ ਹੋਣਗੀਆਂ 3 ਉਹ ਸਾਰੇ ਜਿਹੜੇ ਇਸ ਬੁਰੀ ਕੁੱਲ ਦੇ ਬਚਿਆਂ ਹੋਇਆਂ ਵਿੱਚ ਬਚ ਰਹਿਣਗੇ ਉਹਨਾਂ ਸਾਰਿਆਂ ਥਾਵਾਂ ਵਿੱਚ ਜਿੱਥੇ ਮੈਂ ਉਹਨਾਂ ਨੂੰ ਹੱਕ ਦਿਆਂਗਾ ਮੌਤ ਨੂੰ ਜੀਉਣ ਨਾਲੋਂ ਵੱਧ ਚਾਹੁੰਣਗੇ, ਸੈਨਾਂ ਦੇ ਯਹੋਵਾਹ ਦਾ ਵਾਕ ਹੈ!। 4 ਤਦ ਤੂੰ ਉਹਨਾਂ ਨੂੰ ਆਖੇਂਗਾ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜਦ ਉਹ ਡਿੱਗਦੇ ਹਨ ਤਾਂ ਕੀ ਉਹ ਫਿਰ ਨਹੀਂ ਉੱਠਦੇ? ਜਦ ਉਹ ਫਿਰ ਜਾਂਦਾ ਹੈ ਤਾਂ ਕੀ ਉਹ ਫਿਰ ਨਹੀਂ ਮੁੜਦਾ? 5 ਫਿਰ ਯਰੂਸ਼ਲਮ ਦੀ ਇਹ ਪਰਜਾ ਕਿਉਂ ਸਦਾ ਦੀ ਫਿਰਤ ਨਾਲ ਫਿਰ ਗਈ? ਉਹਨਾਂ ਨੇ ਮੱਕਾਰੀ ਨੂੰ ਫੜਿਆ ਹੋਇਆ ਹੈ, ਉਹ ਮੁੜਨ ਤੋਂ ਇਨਕਾਰੀ ਹਨ। 6 ਮੈਂ ਧਿਆਨ ਲਾਇਆ ਅਤੇ ਸੁਣਿਆ, ਪਰ ਉਹ ਤਾਂ ਚੰਗੀਆਂ ਗੱਲਾਂ ਨਹੀਂ ਬੋਲਦੇ, ਕੋਈ ਮਨੁੱਖ ਆਪਣੀ ਬੁਰਿਆਈ ਤੋਂ ਇਹ ਆਖ ਕੇ ਤੋਬਾ ਨਹੀਂ ਕਰਦਾ, ਕਿ ਮੈਂ ਕੀ ਕੀਤਾ ਹੈ? ਹਰੇਕ ਆਪਣੇ ਰਾਹ ਨੂੰ ਮੁੜਦਾ ਹੈ, ਜਿਵੇਂ ਘੋੜਾ ਲੜਾਈ ਵਿੱਚ ਸਰਪੱਟ ਦੌੜਦਾ ਹੈ। 7 ਨਾਲੇ ਹਵਾਈ ਲਮਢੀਂਗ ਆਪਣਾ ਸਮਾਂ ਜਾਣਦੀ ਹੈ, ਘੁੱਗੀ, ਅਬਾਬੀਲ ਅਤੇ ਸਾਰਸ, ਆਪਣੇ ਆਉਣ ਦੇ ਵੇਲੇ ਦੀ ਸਾਂਭ ਕਰਦੇ ਹਨ, ਪਰ ਮੇਰੀ ਪਰਜਾ ਯਹੋਵਾਹ ਦੇ ਨਿਆਂ ਨੂੰ ਨਹੀਂ ਜਾਣਦੀ। 8 ਤੁਸੀਂ ਕਿਵੇਂ ਆਖਦੇ ਹੋ, ਕਿ ਅਸੀਂ ਬੁੱਧਵਾਨ ਹਾਂ, ਅਤੇ ਯਹੋਵਾਹ ਦੀ ਬਿਵਸਥਾ ਸਾਡੇ ਕੋਲ ਹੈ? ਪਰ ਵੇਖੋ, ਲਿਖਾਰੀਆਂ ਦੀ ਝੂਠੀ ਲਿਖਤ ਨੇ ਉਸ ਨੂੰ ਝੂਠਾ ਹੀ ਬਣਾ ਦਿੱਤਾ। 9 ਬੁੱਧਵਾਨ ਲੱਜਿਆਵਾਨ ਹੋਣਗੇ, ਉਹ ਘਬਰਾ ਜਾਣਗੇ ਅਤੇ ਫੜੇ ਜਾਣਗੇ। ਵੇਖੋ, ਉਹਨਾਂ ਨੇ ਯਹੋਵਾਹ ਦੇ ਬਚਨ ਨੂੰ ਰੱਦ ਦਿੱਤਾ, - ਉਹਨਾਂ ਦੀ ਇਹ ਕੀ ਬੁੱਧ ਹੋਈ? 10 ਇਸ ਲਈ ਮੈਂ ਉਹਨਾਂ ਦੀਆਂ ਔਰਤਾਂ ਹੋਰਨਾਂ ਨੂੰ ਦਿਆਂਗਾ, ਉਹਨਾਂ ਦੇ ਖੇਤ ਉਹਨਾਂ ਨੂੰ ਜਿਹੜੇ ਉਹਨਾਂ ਉੱਤੇ ਕਬਜ਼ਾ ਕਰਨਗੇ, ਕਿਉਂ ਜੋ ਉਹ ਛੋਟੇ ਤੋਂ ਵੱਡੇ ਤੱਕ ਸਾਰਿਆਂ ਦੇ ਸਾਰੇ ਨਫ਼ੇ ਦੇ ਲੋਭੀ ਹਨ, ਨਬੀ ਤੋਂ ਜਾਜਕ ਤੱਕ ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ। 11 ਉਹਨਾਂ ਨੇ ਮੇਰੀ ਪਰਜਾ ਦੇ ਫੱਟਾਂ ਨੂੰ ਥੋੜਾ ਜਿਹਾ ਚੰਗਾ ਕੀਤਾ, ਉਹ ਆਖਦੇ ਹਨ, ਸ਼ਾਂਤੀ, ਸ਼ਾਂਤੀ! ਪਰ ਸ਼ਾਂਤੀ ਹੈ ਨਹੀਂ। 12 ਕੀ ਉਹ ਲੱਜਿਆਵਾਨ ਹੋਏ ਜਦ ਉਹਨਾਂ ਨੇ ਘਿਣਾਉਣੇ ਕੰਮ ਕੀਤੇ? ਨਹੀਂ, ਉਹ ਮੂਲੋਂ ਹੀ ਲੱਜਿਆਵਾਨ ਨਾ ਹੋਏ। ਉਹਨਾਂ ਨੇ ਲਾਲ ਪੀਲਾ ਹੋਣ ਨੂੰ ਜਾਣਿਆ ਵੀ ਨਾ! ਇਸ ਲਈ ਉਹ ਡਿੱਗਿਆਂ ਹੋਇਆਂ ਦੇ ਵਿੱਚ ਡਿੱਗ ਪੈਣਗੇ, ਜਿਸ ਵੇਲੇ ਮੈਂ ਉਹਨਾਂ ਦੀ ਖ਼ਬਰ ਲਵਾਂਗਾ। ਉਹ ਠੁਕਰਾਏ ਜਾਣਗੇ, ਯਹੋਵਾਹ ਆਖਦਾ ਹੈ। 13 ਮੈਂ ਉਹਨਾਂ ਨੂੰ ਮੂਲੋਂ ਮਿਟਾ ਦਿਆਂਗਾ, ਯਹੋਵਾਹ ਦਾ ਵਾਕ ਹੈ, ਨਾ ਬੇਲ ਵਿੱਚ ਅੰਗੂਰ ਹੋਣਗੇ, ਨਾ ਹੰਜ਼ੀਰ ਵਿੱਚ ਹੰਜ਼ੀਰਾਂ, ਪੱਤੇ ਵੀ ਕੁਮਲਾ ਜਾਣਗੇ, ਅਤੇ ਜੋ ਮੈਂ ਉਹਨਾਂ ਨੂੰ ਦਿੱਤਾ ਉਹ ਜਾਂਦਾ ਰਹੇਗਾ। 14 ਅਸੀਂ ਕਿਉਂ ਬੈਠੇ ਹਾਂ? ਇਕੱਠੇ ਹੋ ਜਾਓ ਅਤੇ ਆਓ, ਅਸੀਂ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੜ ਜਾਈਏ, ਉੱਥੇ ਅਸੀਂ ਮੁੱਕ ਜਾਈਏ, ਕਿਉਂ ਜੋ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਮੁਕਾ ਦਿੱਤਾ, ਅਤੇ ਸਾਨੂੰ ਵਿਹੁ ਵਾਲਾ ਪਾਣੀ ਪਿਲਾ ਦਿੱਤਾ, ਅਸੀਂ ਯਹੋਵਾਹ ਦੇ ਵਿਰੁੱਧ ਪਾਪ ਜੋ ਕੀਤਾ ਸੀ। 15 ਅਸੀਂ ਸ਼ਾਂਤੀ ਨੂੰ ਉਡੀਕਿਆ ਪਰ ਕੋਈ ਚੰਗੀ ਚੀਜ਼ ਨਾ ਆਈ, ਅਤੇ ਤੰਦਰੁਸਤੀ ਦੇ ਮੌਕੇ ਨੂੰ ਵੀ, ਪਰ ਵੇਖੋ, ਭੈਅ ਸੀ। 16 ਉਸ ਦੇ ਘੋੜਿਆਂ ਦੇ ਖਰਾਟਿਆਂ ਦੀ ਅਵਾਜ਼ ਦਾਨ ਤੋਂ ਸੁਣਾਈ ਦਿੰਦੀ ਹੈ, ਉਸ ਦੇ ਜੰਗੀ ਘੋੜਿਆਂ ਦੇ ਹਿਣਕਣ ਦੀ ਅਵਾਜ਼ ਨਾਲ ਸਾਰੀ ਧਰਤੀ ਕੰਬ ਜਾਂਦੀ ਹੈ! ਉਹ ਆਉਂਦੇ ਹਨ, ਉਹ ਧਰਤੀ ਅਤੇ ਜੋ ਕੁਝ ਉਸ ਦੇ ਵਿੱਚ ਹੈ ਨਿਗਲ ਲੈਂਦੇ ਹਨ, ਸ਼ਹਿਰ ਅਤੇ ਉਸ ਦੇ ਵਸਨੀਕਾਂ ਨੂੰ ਵੀ। 17 ਵੇਖੋ ਤਾਂ, ਮੈਂ ਤੁਹਾਡੇ ਵਿੱਚ ਸੱਪਾਂ ਨੂੰ ਘੱਲਾਂਗਾ, ਨਾਲੇ ਨਾਗ ਜਿਹੜੇ ਮੰਤਰੇ ਨਹੀਂ ਜਾਂਦੇ। ਉਹ ਤੁਹਾਨੂੰ ਡੰਗ ਮਾਰਨਗੇ, ਯਹੋਵਾਹ ਦਾ ਵਾਕ ਹੈ। 18 ਮੈਂ ਕਦ ਗ਼ਮ ਤੋਂ ਦਿਲਾਸਾ ਪਾਵਾਂਗਾ? ਮੇਰਾ ਦਿਲ ਮੇਰੇ ਵਿੱਚ ਖੁੱਸਦਾ ਹੈ। 19 ਵੇਖੋ, ਮੇਰੀ ਪਰਜਾ ਦੀ ਧੀ ਦੀ ਅਵਾਜ਼ ਦੂਰ ਦੇਸ ਤੋਂ ਆਉਂਦੀ ਹੈ। ਕੀ ਯਹੋਵਾਹ ਸੀਯੋਨ ਵਿੱਚ ਨਹੀਂ? ਕੀ ਉਸ ਦਾ ਰਾਜਾ ਉਸ ਵਿੱਚ ਨਹੀਂ? ਉਹਨਾਂ ਕਿਉਂ ਆਪਣੀਆਂ ਘੜ੍ਹੀਆਂ ਹੋਈਆਂ ਮੂਰਤਾਂ ਨਾਲ ਮੈਨੂੰ ਕ੍ਰੋਧਵਾਨ ਕੀਤਾ, ਅਤੇ ਓਪਰੀਆਂ ਫੋਕੀਆਂ ਨਾਲ? 20 ਫਸਲ ਲੰਘ ਗਈ ਅਤੇ ਗਰਮੀ ਮੁੱਕ ਗਈ, ਪਰ ਅਸੀਂ ਬਚਾਏ ਨਾ ਗਏ। 21 ਮੇਰੀ ਪਰਜਾ ਦੀ ਧੀ ਦੇ ਫੱਟਾਂ ਦੇ ਕਾਰਨ ਮੈਂ ਫੱਟੜ ਹਾਂ, ਮੈਂ ਉਦਾਸ ਹਾਂ, ਘਬਰਾਹਟ ਨੇ ਮੈਨੂੰ ਆ ਫੜਿਆ ਹੈ। 22 ਕੀ ਗਿਲਆਦ ਵਿੱਚ ਬਲਸਾਨ ਦਾ ਰੋਗਨ ਹੈ ਨਹੀਂ? ਕੀ ਉੱਥੇ ਕੋਈ ਤਬੀਬ ਨਹੀਂ? ਫਿਰ ਕਿਉਂ ਮੇਰੀ ਪਰਜਾ ਦੀ ਧੀ ਤਕੜੀ ਨਹੀਂ ਹੁੰਦੀ?।

Everything we make is available for free because of a generous community of supporters.

Donate