Menu

ਯਸਾਯਾਹ 2

IRV

1 ਆਮੋਸ ਦੇ ਪੁੱਤਰ ਯਸਾਯਾਹ ਦਾ ਬਚਨ ਜਿਹੜਾ ਉਸ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਵਿਖੇ ਦਰਸ਼ਣ ਵਿੱਚ ਵੇਖਿਆ। 2 ਆਖਰੀ ਦਿਨਾਂ ਦੇ ਵਿੱਚ ਅਜਿਹਾ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਰਬਤਾਂ ਦੇ ਸਿਰੇ ਉੱਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਧਾਰ ਵਾਂਗੂੰ ਉਸ ਦੇ ਵੱਲ ਵਗਣਗੀਆਂ। 3 ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਤਾਂ ਜੋ ਉਹ ਸਾਨੂੰ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਰਾਹਾਂ ਵਿੱਚ ਚੱਲੀਏ, ਕਿਉਂ ਜੋ ਬਿਵਸਥਾ ਸੀਯੋਨ ਤੋਂ ਨਿੱਕਲੇਗੀ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ। 4 ਉਹ ਕੌਮਾਂ ਵਿੱਚ ਨਿਆਂ ਕਰੇਗਾ, ਅਤੇ ਬਹੁਤੀਆਂ ਉੱਮਤਾਂ ਦਾ ਫ਼ੈਸਲਾ ਕਰੇਗਾ, ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹੱਲ ਦੇ ਫ਼ਾਲ ਅਤੇ ਆਪਣੇ ਬਰਛਿਆਂ ਨੂੰ ਦਾਤੀਆਂ ਬਣਾਉਣਗੇ। ਕੌਮ-ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਉਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ। 5 ਹੇ ਯਾਕੂਬ ਦੇ ਵੰਸ਼ਜੋ, ਆਓ, ਅਸੀਂ ਯਹੋਵਾਹ ਦੇ ਚਾਨਣ ਵਿੱਚ ਚੱਲੀਏ। 6 ਤੂੰ ਤਾਂ ਆਪਣੀ ਪਰਜਾ ਯਾਕੂਬ ਦੇ ਵੰਸ਼ ਨੂੰ ਛੱਡ ਦਿੱਤਾ ਹੈ, ਕਿਉਂ ਜੋ ਉਹ ਪੂਰਬ ਦੀਆਂ ਰੀਤਾਂ ਨਾਲ ਭਰੇ ਹੋਏ ਹਨ, ਅਤੇ ਫ਼ਲਿਸਤੀਆਂ ਵਾਂਗੂੰ ਮਹੂਰਤ ਵੇਖਦੇ ਹਨ, ਅਤੇ ਪਰਦੇਸੀਆਂ ਦੀਆਂ ਰੀਤਾਂ ਨੂੰ ਗਲ਼ ਨਾਲ ਲਾਉਂਦੇ ਹਨ। 7 ਉਹਨਾਂ ਦਾ ਦੇਸ ਚਾਂਦੀ-ਸੋਨੇ ਨਾਲ ਭਰਿਆ ਹੋਇਆ ਹੈ, ਉਹਨਾਂ ਦੇ ਖਜ਼ਾਨਿਆਂ ਦਾ ਅੰਤ ਨਹੀਂ ਹੈ, ਉਹਨਾਂ ਦਾ ਦੇਸ ਘੋੜਿਆਂ ਨਾਲ ਭਰਿਆ ਹੋਇਆ ਹੈ ਅਤੇ ਉਹਨਾਂ ਦੇ ਰਥਾਂ ਦਾ ਅੰਤ ਨਹੀਂ ਹੈ। 8 ਉਹਨਾਂ ਦਾ ਦੇਸ ਬੁੱਤਾਂ ਨਾਲ ਭਰਿਆ ਹੋਇਆ ਹੈ, ਉਹ ਆਪਣੀ ਦਸਤਕਾਰੀ ਨੂੰ ਮੱਥਾ ਟੇਕਦੇ ਹਨ, ਜਿਹੜੀ ਉਹਨਾਂ ਦੀਆਂ ਉਂਗਲੀਆਂ ਦਾ ਕੰਮ ਹੈ! 9 ਇਸ ਲਈ ਆਦਮੀ ਝੁਕਾਇਆ ਜਾਂਦਾ, ਅਤੇ ਮਨੁੱਖ ਨੀਵਾਂ ਕੀਤਾ ਜਾਂਦਾ ਹੈ, - ਤੂੰ ਉਨ੍ਹਾਂ ਨੂੰ ਮਾਫ਼ ਨਾ ਕਰ! 10 ਯਹੋਵਾਹ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਚੱਟਾਨ ਵਿੱਚ ਵੜ ਅਤੇ ਮਿੱਟੀ ਵਿੱਚ ਲੁੱਕ ਜਾ! 11 ਕਿਉਂਕਿ ਆਦਮੀ ਦੀਆਂ ਉੱਚੀਆਂ ਅੱਖਾਂ ਨੀਵੀਆਂ ਕੀਤੀਆਂ ਜਾਣਗੀਆਂ, ਮਨੁੱਖਾਂ ਦਾ ਹੰਕਾਰ ਨਿਵਾਇਆ ਜਾਵੇਗਾ, ਉਸ ਦਿਨ ਸਿਰਫ਼ ਯਹੋਵਾਹ ਹੀ ਉੱਚਾ ਹੋਵੇਗਾ। 12 ਇਸ ਲਈ ਕਿ ਸੈਨਾਂ ਦੇ ਯਹੋਵਾਹ ਦਾ ਇੱਕ ਦਿਨ ਹੈ, ਜਿਹੜਾ ਹਰੇਕ ਘਮੰਡੀ ਅਤੇ ਅਭਮਾਨੀ ਦੇ ਵਿਰੁੱਧ, ਅਤੇ ਹਰੇਕ ਹੰਕਾਰੀ ਦੇ ਵਿਰੁੱਧ ਹੈ, ਅਤੇ ਉਹ ਨੀਵੇਂ ਕੀਤੇ ਜਾਣਗੇ, 13 ਨਾਲੇ ਲਬਾਨੋਨ ਦੇ ਸਾਰੇ ਦਿਆਰਾਂ ਦੇ ਵਿਰੁੱਧ, ਜਿਹੜੇ ਉੱਚੇ ਅਤੇ ਵਧੀਆ ਹਨ, ਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਦੇ ਵਿਰੁੱਧ, 14 ਸਾਰੇ ਉੱਚੇ ਪਹਾੜਾਂ ਦੇ ਵਿਰੁੱਧ, ਅਤੇ ਸਾਰੇ ਉੱਚੇ ਟਿੱਬਿਆਂ ਦੇ ਵਿਰੁੱਧ, 15 ਹਰੇਕ ਉੱਚੇ ਬੁਰਜ ਦੇ ਵਿਰੁੱਧ, ਅਤੇ ਹਰੇਕ ਮਜ਼ਬੂਤ ਸ਼ਹਿਰਪਨਾਹ ਦੇ ਵਿਰੁੱਧ, 16 ਤਰਸ਼ੀਸ਼ ਦੇ ਸਾਰੇ ਜਹਾਜ਼ਾਂ ਦੇ ਵਿਰੁੱਧ, ਅਤੇ ਸਾਰੇ ਮਨਭਾਉਂਦੇ ਜਹਾਜ਼ਾਂ ਦੇ ਵਿਰੁੱਧ ਉਹ ਦਿਨ ਆਉਂਦਾ ਹੈ। 17 ਆਦਮੀ ਦਾ ਗਰੂਰ ਨਿਵਾਇਆ ਜਾਵੇਗਾ, ਮਨੁੱਖ ਦਾ ਹੰਕਾਰ ਨੀਵਾਂ ਕੀਤਾ ਜਾਵੇਗਾ, ਅਤੇ ਉਸ ਦਿਨ ਸਿਰਫ਼ ਯਹੋਵਾਹ ਹੀ ਉੱਚਾ ਹੋਵੇਗਾ, 18 ਅਤੇ ਬੁੱਤ ਪੂਰੀ ਤਰ੍ਹਾਂ ਹੀ ਮਿਟ ਜਾਣਗੇ। 19 ਜਦ ਯਹੋਵਾਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਤਾਂ ਉਸ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ ਮਨੁੱਖ ਚੱਟਾਨ ਦੀਆਂ ਖੁੰਧਰਾਂ ਵਿੱਚ, ਅਤੇ ਮਿੱਟੀ ਦੇ ਟੋਇਆਂ ਵਿੱਚ ਜਾ ਵੜਨਗੇ। 20 ਉਸ ਦਿਨ ਲੋਕ ਆਪਣੇ ਚਾਂਦੀ ਅਤੇ ਸੋਨੇ ਦੇ ਬੁੱਤਾਂ ਨੂੰ, ਜਿਹੜੇ ਉਨ੍ਹਾਂ ਨੇ ਆਪਣੇ ਲਈ ਮੱਥਾ ਟੇਕਣ ਨੂੰ ਬਣਾਏ, ਚਕਚੂੰਧਰਾਂ ਅਤੇ ਚਮਗਾਦੜਾਂ ਦੇ ਅੱਗੇ ਸੁੱਟ ਦੇਣਗੇ। 21 ਜਦ ਯਹੋਵਾਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਤਾਂ ਉਸ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਉਹ ਚੱਟਾਨ ਦਿਆਂ ਛੇਕਾਂ ਵਿੱਚ, ਅਤੇ ਢਿੱਗਾਂ ਦੀਆਂ ਤੇੜਾਂ ਵਿੱਚ ਜਾ ਵੜਨਗੇ। 22 ਇਸ ਲਈ ਮਨੁੱਖ ਉੱਤੇ ਭਰੋਸਾ ਕਰਨ ਤੋਂ ਦੂਰ ਰਹੋ, ਜਿਸ ਦਾ ਸਾਹ ਉਹ ਦੀਆਂ ਨਾਸਾਂ ਵਿੱਚ ਹੈ, ਉਸ ਦਾ ਮੁੱਲ ਹੈ ਹੀ ਕੀ?

Everything we make is available for free because of a generous community of supporters.

Donate