Menu

ਯਸਾਯਾਹ 13

IRV

1 ਬਾਬਲ ਦੇ ਵਿਖੇ ਅਗੰਮ ਵਾਕ ਜਿਸ ਨੂੰ ਆਮੋਸ ਦੇ ਪੁੱਤਰ ਯਸਾਯਾਹ ਨੇ ਦਰਸ਼ਣ ਵਿੱਚ ਪਾਇਆ, - 2 ਨੰਗੇ ਪਰਬਤ ਉੱਤੇ ਝੰਡਾ ਖੜ੍ਹਾ ਕਰੋ, ਉਨ੍ਹਾਂ ਨੂੰ ਉੱਚੀ ਅਵਾਜ਼ ਨਾਲ ਪੁਕਾਰੋ! ਹੱਥ ਨਾਲ ਇਸ਼ਾਰਾ ਕਰੋ, ਤਾਂ ਜੋ ਉਹ ਪਤਵੰਤਾਂ ਦੇ ਫਾਟਕਾਂ ਵਿੱਚ ਵੜਨ! 3 ਮੈਂ ਆਪਣੇ ਸੰਤਾਂ ਨੂੰ ਹੁਕਮ ਦਿੱਤਾ ਹੈ, ਨਾਲੇ ਮੈਂ ਆਪਣੇ ਕ੍ਰੋਧ ਨੂੰ ਪੂਰਾ ਕਰਨ ਲਈ, ਆਪਣੇ ਸੂਰਮਿਆਂ ਨੂੰ ਬੁਲਾਇਆ, ਜਿਹੜੇ ਮੇਰੀ ਜਿੱਤ ਤੇ ਪ੍ਰਸੰਨ ਹੁੰਦੇ ਹਨ। 4 ਪਹਾੜਾਂ ਉੱਤੇ ਇੱਕ ਰੌਲ਼ੇ ਦੀ ਅਵਾਜ਼ ਸੁਣੋ, ਜਿਵੇਂ ਵੱਡੀ ਭੀੜ ਦੀ, ਰਾਜ ਰਾਜ ਦੀਆਂ ਕੌਮਾਂ ਦੇ ਇਕੱਠ ਦਾ ਸ਼ੋਰ, ਸੈਨਾਂ ਦਾ ਯਹੋਵਾਹ ਯੁੱਧ ਲਈ ਸੈਨਾਂ ਨੂੰ ਇਕੱਠਾ ਕਰ ਰਿਹਾ ਹੈ! 5 ਉਹ ਦੂਰ ਦੇਸ ਤੋਂ, ਅਕਾਸ਼ ਦੇ ਸਿਰੇ ਤੋਂ ਤੁਰੇ ਆਉਂਦੇ ਹਨ, ਯਹੋਵਾਹ ਅਤੇ ਉਹ ਦੇ ਕਹਿਰ ਦੇ ਸ਼ਸਤਰ ਆਉਂਦੇ ਹਨ, ਤਾਂ ਜੋ ਸਾਰੀ ਧਰਤੀ ਨੂੰ ਨਾਸ ਕਰਨ! 6 ਤੁਸੀਂ ਧਾਹਾਂ ਮਾਰੋ ਕਿਉਂ ਜੋ ਯਹੋਵਾਹ ਦਾ ਨਿਆਂ ਦਾ ਦਿਨ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਗੂੰ ਆਵੇਗਾ। 7 ਇਸ ਲਈ ਸਾਰੇ ਹੱਥ ਢਿੱਲੇ ਪੈ ਜਾਣਗੇ, ਅਤੇ ਹਰ ਮਨੁੱਖ ਦਾ ਦਿਲ ਡਰ ਨਾਲ ਢੱਲ਼ ਜਾਵੇਗਾ। 8 ਉਹ ਘਬਰਾ ਜਾਣਗੇ, ਪੀੜਾਂ ਅਤੇ ਕਸ਼ਟ ਉਨ੍ਹਾਂ ਨੂੰ ਫੜ੍ਹ ਲੈਣਗੇ, ਉਹ ਜਣਨ ਵਾਲੀ ਔਰਤ ਵਾਂਗੂੰ ਪੀੜ ਵਿੱਚ ਹੋਣਗੇ, ਉਹ ਹੱਕੇ-ਬੱਕੇ ਹੋ ਕੇ ਇੱਕ ਦੂਜੇ ਵੱਲ ਤੱਕਣਗੇ, ਉਨ੍ਹਾਂ ਦੇ ਮੂੰਹ ਭੱਖਦੇ ਹੋਣਗੇ। 9 ਵੇਖੋ, ਯਹੋਵਾਹ ਦਾ ਦਿਨ, ਨਿਰਦਈ, ਕਹਿਰ ਅਤੇ ਤੇਜ ਕ੍ਰੋਧ ਨਾਲ ਆਉਂਦਾ ਹੈ, ਤਾਂ ਜੋ ਧਰਤੀ ਨੂੰ ਵਿਰਾਨ ਕਰੇ, ਅਤੇ ਉਹ ਦੇ ਪਾਪੀਆਂ ਨੂੰ ਉਹ ਦੇ ਵਿੱਚੋਂ ਨਾਸ ਕਰੇ। 10 ਅਕਾਸ਼ ਦੇ ਤਾਰੇ ਅਤੇ ਉਹ ਦੇ ਤਾਰਾਗਣ ਆਪਣਾ ਚਾਨਣ ਨਾ ਦੇਣਗੇ, ਸੂਰਜ ਚੜ੍ਹਦਿਆਂ ਸਾਰ ਹਨ੍ਹੇਰਾ ਹੋ ਜਾਵੇਗਾ, ਅਤੇ ਚੰਦਰਮਾ ਆਪਣਾ ਪ੍ਰਕਾਸ਼ ਨਾ ਦੇਵੇਗਾ। 11 ਮੈਂ ਜਗਤ ਨੂੰ ਉਹ ਦੀ ਬੁਰਿਆਈ ਦੀ, ਅਤੇ ਦੁਸ਼ਟਾਂ ਨੂੰ ਉਨ੍ਹਾਂ ਦੀ ਬਦੀ ਦੀ ਸਜ਼ਾ ਦੇਵਾਂਗਾ, ਅਤੇ ਬੇਰਹਿਮਾਂ ਦੇ ਘਮੰਡ ਨੂੰ ਤੋੜ ਦਿਆਂਗਾ। 12 ਮੈਂ ਲੋਕਾਂ ਨੂੰ ਕੁੰਦਨ ਸੋਨੇ ਨਾਲੋਂ, ਅਤੇ ਮਨੁੱਖ ਨੂੰ ਓਫੀਰ ਦੇ ਸੋਨੇ ਨਾਲੋਂ ਦੁਰਲੱਭ ਬਣਾਵਾਂਗਾ। 13 ਇਸ ਲਈ ਮੈਂ ਅਕਾਸ਼ ਨੂੰ ਕਾਂਬਾ ਲਵਾਂਗਾ, ਅਤੇ ਧਰਤੀ ਆਪਣੇ ਥਾਂ ਤੋਂ ਹਿਲਾਈ ਜਾਵੇਗੀ, ਇਹ ਸੈਨਾਂ ਦੇ ਯਹੋਵਾਹ ਦੇ ਕਹਿਰ ਵਿੱਚ, ਅਤੇ ਉਸ ਦੇ ਤੇਜ ਗੁੱਸੇ ਦੇ ਦਿਨ ਹੋਵੇਗਾ। 14 ਤਦ ਅਜਿਹਾ ਹੋਵੇਗਾ ਕਿ ਭੁੱਲੀ ਹਿਰਨੀ ਵਾਂਗੂੰ ਅਤੇ ਉਸ ਭੇਡ ਵਾਂਗੂੰ ਜਿਸ ਦਾ ਪਾਲੀ ਨਹੀਂ, ਹਰੇਕ ਮਨੁੱਖ ਆਪਣੇ ਲੋਕਾਂ ਵੱਲ ਮੁੜੇਗਾ, ਅਤੇ ਹਰੇਕ ਮਨੁੱਖ ਆਪਣੇ ਦੇਸ ਨੂੰ ਭੱਜੇਗਾ। 15 ਹਰੇਕ ਜਿਹੜਾ ਮਿਲ ਜਾਵੇ ਵਿੰਨ੍ਹਿਆ ਜਾਵੇਗਾ, ਹਰੇਕ ਜਿਹੜਾ ਫੜ੍ਹਿਆ ਜਾਵੇ ਤਲਵਾਰ ਨਾਲ ਡਿੱਗੇਗਾ। 16 ਉਨ੍ਹਾਂ ਦੇ ਬੱਚੇ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਪਟਕਾਏ ਜਾਣਗੇ, ਉਨ੍ਹਾਂ ਦੇ ਘਰ ਲੁੱਟੇ ਜਾਣਗੇ, ਅਤੇ ਉਨ੍ਹਾਂ ਦੀਆਂ ਪਤਨੀਆਂ ਬੇਪਤ ਕੀਤੀਆਂ ਜਾਣਗੀਆਂ। 17 ਵੇਖੋ, ਮੈਂ ਬਾਬਲ ਦੇ ਵਾਸੀਆਂ ਦੇ ਵਿਰੁੱਧ ਮਾਦੀ ਲੋਕਾਂ ਨੂੰ ਪਰੇਰ ਰਿਹਾ ਹਾਂ, ਜਿਹੜੇ ਚਾਂਦੀ ਦੀ ਪਰਵਾਹ ਨਹੀਂ ਕਰਦੇ, ਨਾ ਸੋਨੇ ਤੋਂ ਖੁਸ਼ ਹੁੰਦੇ ਹਨ। 18 ਉਨ੍ਹਾਂ ਦੇ ਧਣੁੱਖ ਜੁਆਨਾਂ ਨੂੰ ਵਿੰਨ੍ਹਣਗੇ, ਉਹ ਢਿੱਡ ਦੇ ਫਲ ਉੱਤੇ ਰਹਮ ਨਾ ਕਰਨਗੇ, ਉਨ੍ਹਾਂ ਦੀਆਂ ਅੱਖਾਂ ਬੱਚਿਆਂ ਉੱਤੇ ਤਰਸ ਨਾ ਖਾਣਗੀਆਂ। 19 ਬਾਬਲ ਜੋ ਸਾਰੇ ਰਾਜਾਂ ਦੀ ਸਜਾਵਟ ਅਤੇ ਕਸਦੀਆਂ ਦੇ ਹੰਕਾਰ ਦੀ ਸ਼ਾਨ ਹੈ, ਸਦੂਮ ਅਤੇ ਅਮੂਰਾਹ ਜਿਹਾ ਹੋ ਜਾਵੇਗਾ, ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਢਾਹ ਦਿੱਤਾ ਸੀ। 20 ਉਹ ਫੇਰ ਕਦੀ ਨਾ ਵਸਾਇਆ ਜਾਵੇਗਾ, ਨਾ ਪੀੜ੍ਹੀਓਂ ਪੀੜ੍ਹੀ ਅਬਾਦ ਕੀਤਾ ਜਾਵੇਗਾ, ਨਾ ਕੋਈ ਅਰਬੀ ਉੱਥੇ ਤੰਬੂ ਲਾਵੇਗਾ, ਨਾ ਅਯਾਲੀ ਉੱਥੇ ਆਪਣੇ ਇੱਜੜ ਬਿਠਾਉਣਗੇ। 21 ਪਰ ਜੰਗਲੀ ਜਾਨਵਰ ਉੱਥੇ ਬੈਠਣਗੇ, ਉਨ੍ਹਾਂ ਦੇ ਘਰ ਗਿੱਦੜਾਂ ਨਾਲ ਭਰੇ ਹੋਣਗੇ, ਸ਼ੁਤਰਮੁਰਗ ਉੱਥੇ ਵੱਸਣਗੇ, ਅਤੇ ਜੰਗਲੀ ਬੱਕਰੇ ਉੱਥੇ ਨੱਚਣਗੇ। 22 ਬਿੱਜੂ ਉਨ੍ਹਾਂ ਦੇ ਖੁੱਡਾਂ ਵਿੱਚ, ਅਤੇ ਗਿੱਦੜ ਉਨ੍ਹਾਂ ਦੇ ਰੰਗ ਮਹਿਲਾਂ ਵਿੱਚ ਰੌਲ਼ਾ ਪਾਉਣਗੇ। ਉਹ ਦੇ ਵਿਨਾਸ਼ ਦਾ ਸਮਾਂ ਨੇੜੇ ਆ ਗਿਆ ਹੈ, ਉਹ ਦੇ ਦਿਨ ਲੰਮੇ ਨਾ ਹੋਣਗੇ।

Everything we make is available for free because of a generous community of supporters.

Donate