Menu

ਹੋਸ਼ੇਆ 5

IRV

1 ਹੇ ਜਾਜਕੋ, ਇਹ ਨਾ ਸੁਣੋ! ਹੇ ਇਸਰਾਏਲ ਦੇ ਘਰਾਣੇ ਵਾਲਿਓ, ਧਿਆਨ ਦਿਓ! ਹੇ ਰਾਜਾ ਦੇ ਘਰਾਣੇ ਵਾਲਿਓ, ਕੰਨ ਲਾਓ! ਕਿਉਂ ਜੋ ਤੁਹਾਡਾ ਨਿਆਂ ਆ ਗਿਆ ਹੈ, ਤੂੰ ਮਿਸਪਾਹ ਲਈ ਫੰਦਾ ਹੋਇਆ ਹੈਂ, ਅਤੇ ਤਾਬੋਰ ਉੱਤੇ ਇੱਕ ਵਿਛਾਇਆ ਹੋਇਆ ਜਾਲ਼। 2 ਬਾਗੀ ਵੱਢਣ ਟੁੱਕਣ ਵਿੱਚ ਨਾਸ ਹੋ ਰਹੇ ਹਨ, ਪਰ ਮੈਂ ਉਹਨਾਂ ਸਾਰਿਆਂ ਨੂੰ ਸੁਧਾਰਨ ਵਾਲਾ ਹਾਂ। 3 ਮੈਂ ਇਫ਼ਰਾਈਮ ਨੂੰ ਜਾਣਦਾ ਹਾਂ, ਅਤੇ ਇਸਰਾਏਲ ਮੇਰੇ ਤੋਂ ਲੁਕਿਆ ਹੋਇਆ ਨਹੀਂ, ਹੇ ਇਫ਼ਰਾਈਮ, ਤੂੰ ਹੁਣ ਵਿਭਚਾਰ ਕੀਤਾ, ਇਸਰਾਏਲ ਪਲੀਤ ਹੋ ਗਈ। 4 ਉਹਨਾਂ ਦੀਆਂ ਕਰਤੂਤਾਂ ਉਹਨਾਂ ਨੂੰ ਉਹਨਾਂ ਦੇ ਪਰਮੇਸ਼ੁਰ ਵੱਲ ਮੁੜਨ ਨਹੀਂ ਦਿੰਦੀਆਂ, ਕਿਉਂ ਜੋ ਵਿਭਚਾਰ ਦੀ ਰੂਹ ਉਹਨਾਂ ਦੇ ਅੰਦਰ ਹੈ, ਅਤੇ ਉਹ ਯਹੋਵਾਹ ਨੂੰ ਨਹੀਂ ਜਾਣਦੇ। 5 ਇਸਰਾਏਲ ਦਾ ਹੰਕਾਰ ਉਹ ਦੇ ਮੂੰਹ ਉੱਤੇ ਗਵਾਹੀ ਦਿੰਦਾ ਹੈ, ਇਸਰਾਏਲ ਅਤੇ ਇਫ਼ਰਾਈਮ ਆਪਣੀ ਬਦੀ ਦੇ ਕਾਰਨ ਠੋਕਰ ਖਾਣਗੇ, ਯਹੂਦਾਹ ਵੀ ਉਹਨਾਂ ਦੇ ਨਾਲ ਠੋਕਰ ਖਾਵੇਗਾ। 6 ਉਹ ਆਪਣੇ ਇੱਜੜਾਂ ਅਤੇ ਵੱਗਾਂ ਨਾਲ ਯਹੋਵਾਹ ਨੂੰ ਭਾਲਣ ਲਈ ਨਿੱਕਲਣਗੇ, ਪਰ ਉਹ ਉਹਨਾਂ ਨੂੰ ਨਾ ਲੱਭਣਗੇ, ਉਹ ਉਹਨਾਂ ਤੋਂ ਦੂਰ ਹੋ ਗਿਆ ਹੈ। 7 ਉਹਨਾਂ ਨੇ ਯਹੋਵਾਹ ਨਾਲ ਧੋਖਾ ਕੀਤਾ ਹੈ, ਕਿਉਂ ਜੋ ਉਹਨਾਂ ਤੋਂ ਨਜ਼ਾਇਜ ਬੱਚੇ ਜੰਮੇ, ਹੁਣ ਨਵਾਂ ਚੰਦ ਉਹਨਾਂ ਨੂੰ ਉਹਨਾਂ ਦੇ ਖੇਤਾਂ ਦੇ ਨਾਲ ਖਾ ਜਾਵੇਗਾ। 8 ਗਿਬਆਹ ਵਿੱਚ ਨਰਸਿੰਗਾ ਫੂਕੋ! ਰਾਮਾਹ ਵਿੱਚ ਤੁਰ੍ਹੀ! ਬੈਤ-ਆਵਨ ਵਿੱਚ ਢੋਲ ਵਜਾਓ, - ਹੇ ਬਿਨਯਾਮੀਨ, ਪਿੱਛੇ ਵੇਖ! 9 ਝਿੜਕ ਦੇ ਦਿਨ ਇਫ਼ਰਾਈਮ ਵਿਰਾਨ ਹੋ ਜਾਵੇਗਾ, ਇਸਰਾਏਲ ਦੇ ਗੋਤਾਂ ਵਿੱਚ ਮੈਂ ਓਹੀ ਦੱਸਦਾ ਹਾਂ ਜੋ ਪੱਕਾ ਹੈ। 10 ਯਹੂਦਾਹ ਦੇ ਹਾਕਮ ਬਾੜਿਆਂ ਦੇ ਭੰਨਣ ਵਾਲਿਆਂ ਵਰਗੇ ਹੋ ਗਏ ਹਨ, ਮੈਂ ਆਪਣਾ ਕਹਿਰ ਪਾਣੀ ਵਾਂਗੂੰ ਉਨ੍ਹਾਂ ਦੇ ਉੱਤੇ ਵਹਾਵਾਂਗਾ! 11 ਇਫ਼ਰਾਈਮ ਦਬਾਇਆ ਗਿਆ ਹੈ, ਉਹ ਨਿਆਂ ਨਾਲ ਚਿੱਥਿਆ ਗਿਆ ਹੈ, ਕਿਉਂ ਜੋ ਉਹ ਜ਼ਿੱਦ ਨਾਲ ਵਿਅਰਥ ਬਿਧੀਆਂ ਦੇ ਪਿੱਛੇ ਲੱਗਾ ਰਿਹਾ। 12 ਇਸ ਲਈ ਮੈਂ ਇਫ਼ਰਾਈਮ ਲਈ ਨਾਸ ਕਰਨ ਵਾਲੇ ਕੀੜੇ ਵਾਂਗੂੰ, ਅਤੇ ਯਹੂਦਾਹ ਦੇ ਘਰਾਣੇ ਲਈ ਘੁਣ ਵਾਂਗੂੰ ਹਾਂ। 13 ਜਦ ਇਫ਼ਰਾਈਮ ਨੇ ਆਪਣਾ ਰੋਗ ਵੇਖਿਆ, ਅਤੇ ਯਹੂਦਾਹ ਨੇ ਆਪਣੇ ਜ਼ਖਮ ਨੂੰ, ਤਾਂ ਇਫ਼ਰਾਈਮ ਅੱਸ਼ੂਰ ਨੂੰ ਗਿਆ, ਅਤੇ ਇੱਕ ਝਗੜਾਲੂ ਰਾਜੇ ਕੋਲ ਸੁਨੇਹਾ ਭੇਜਿਆ, ਪਰ ਉਹ ਤੁਹਾਨੂੰ ਚੰਗਾ ਨਹੀਂ ਕਰ ਸਕਦਾ, ਨਾ ਤੁਹਾਡੇ ਜ਼ਖਮ ਨੂੰ ਠੀਕ ਕਰ ਸਕਦਾ ਹੈ। 14 ਮੈਂ ਤਾਂ ਇਫ਼ਰਾਈਮ ਲਈ ਬੱਬਰ ਸ਼ੇਰ ਵਾਂਗੂੰ ਹੋਵਾਂਗਾ, ਅਤੇ ਯਹੂਦਾਹ ਦੇ ਘਰਾਣੇ ਲਈ ਜੁਆਨ ਸ਼ੇਰ ਵਾਂਗੂੰ, ਮੈਂ, ਹਾਂ, ਮੈਂ ਹੀ ਪਾੜਾਂਗਾ ਅਤੇ ਚਲਾ ਜਾਂਵਾਂਗਾ, ਮੈਂ ਚੁੱਕ ਲੈ ਜਾਂਵਾਂਗਾ ਅਤੇ ਛੁਡਾਉਣ ਵਾਲਾ ਕੋਈ ਨਾ ਹੋਵੇਗਾ। 15 ਮੈਂ ਚਲਾ ਜਾਂਵਾਂਗਾ ਅਤੇ ਆਪਣੇ ਸਥਾਨ ਨੂੰ ਮੁੜਾਂਗਾ, ਜਦ ਤੱਕ ਉਹ ਆਪਣੇ ਦੋਸ਼ ਨਾ ਮੰਨ ਲੈਣ, ਅਤੇ ਮੇਰੇ ਦਰਸ਼ਣ ਦੇ ਖੋਜੀ ਨਾ ਹੋਣ। ਉਹ ਆਪਣੇ ਕਸ਼ਟ ਵਿੱਚ ਮੈਨੂੰ ਧਿਆਨ ਨਾਲ ਭਾਲਣਗੇ।

Everything we make is available for free because of a generous community of supporters.

Donate