Menu

ਕੁਲੁੱਸੀਆਂ ਨੂੰ 1

IRV

1 ਪੌਲੁਸ ਵੱਲੋਂ, ਜੋ ਪਰਮੇਸ਼ੁਰ ਦੀ ਇੱਛਾ ਤੋਂ ਮਸੀਹ ਯਿਸੂ ਦਾ ਰਸੂਲ ਹਾਂ, ਨਾਲੇ ਸਾਡਾ ਭਰਾ ਤਿਮੋਥਿਉਸ ਵੱਲੋਂ। 2 ਅੱਗੇ ਯੋਗ ਉਨ੍ਹਾਂ ਸੰਤਾਂ ਨੂੰ ਜਿਹੜੇ ਕੁਲੁੱਸੈ ਦੇ ਵਾਸੀ ਅਤੇ ਮਸੀਹ ਵਿੱਚ ਵਿਸ਼ਵਾਸਯੋਗ ਭਰਾ ਹਨ ਸਾਡੇ ਪਿਤਾ ਪਰਮੇਸ਼ੁਰ ਦੀ ਵੱਲੋਂ ਤੁਹਾਡੇ ਤੇ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ। 3 ਅਸੀਂ ਪਰਮੇਸ਼ੁਰ ਦਾ ਜੋ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਿਤਾ ਹੈ ਧੰਨਵਾਦ ਕਰਦੇ ਅਤੇ ਹਰ ਰੋਜ਼ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ। 4 ਜਦੋਂ ਅਸੀਂ ਤੁਹਾਡੇ ਵਿਸ਼ਵਾਸ ਦੀ ਜਿਹੜਾ ਮਸੀਹ ਯਿਸੂ ਉੱਤੇ ਹੈ ਅਤੇ ਉਸ ਪਿਆਰ ਦੀ ਜੋ ਤੁਸੀਂ ਸਾਰੇ ਸੰਤਾਂ ਨਾਲ ਕਰਦੇ ਹੋ ਖ਼ਬਰ ਸੁਣੀ। 5 ਇਹ ਉਸ ਆਸ ਦੇ ਕਾਰਨ ਹੈ ਜੋ ਤੁਹਾਡੇ ਲਈ ਸਵਰਗ ਵਿੱਚ ਰੱਖੀ ਹੋਈ ਹੈ ਜਿਸ ਦੀ ਖ਼ਬਰ ਤੁਸੀਂ ਖੁਸ਼ਖਬਰੀ ਦੀ ਸਚਿਆਈ ਦੇ ਬਚਨ ਵਿੱਚ ਅੱਗੋਂ ਸੁਣੀ। 6 ਅਤੇ ਉਹ ਤੁਹਾਡੇ ਕੋਲ ਆ ਪਹੁੰਚੀ ਅਤੇ ਜਿਵੇਂ ਉਹ ਸਾਰੇ ਸੰਸਾਰ ਵਿੱਚ ਵੀ ਫੈਲਦੀ ਅਤੇ ਵਧਦੀ ਹੈ ਤਿਵੇਂ ਉਸ ਦਿਨ ਤੋਂ ਜਦ ਤੁਸੀਂ ਉਸ ਨੂੰ ਸੁਣਿਆ ਅਤੇ ਪਰਮੇਸ਼ੁਰ ਦੀ ਕਿਰਪਾ ਨੂੰ ਸਚਿਆਈ ਨਾਲ ਪਛਾਣਿਆ ਤੁਹਾਡੇ ਵਿੱਚ ਵੀ ਫੈਲਦੀ ਅਤੇ ਵਧਦੀ ਹੈ। 7 ਜਿਵੇਂ ਤੁਸੀਂ ਸਾਡੇ ਸਹਿਕਰਮੀ ਪਿਆਰੇ ਇਪਫ਼ਰਾਸ ਤੋਂ ਸਿੱਖਿਆ, ਜਿਹੜਾ ਸਾਡੇ ਲਈ ਮਸੀਹ ਦਾ ਵਿਸ਼ਵਾਸਯੋਗ ਸੇਵਕ ਹੈ। 8 ਜਿਸ ਨੇ ਤੁਹਾਡਾ ਉਹ ਪਿਆਰ ਵੀ ਜੋ ਆਤਮਾ ਤੋਂ ਹੈ, ਸਾਨੂੰ ਦੱਸਿਆ। 9 ਇਸ ਕਰਕੇ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ ਕਿ ਤੁਸੀਂ ਕਿੰਨ੍ਹਾਂ ਪਿਆਰ ਕਰਦੇ ਹੋ, ਅਸੀਂ ਵੀ ਤੁਹਾਡੇ ਲਈ ਲਗਤਾਰ ਪ੍ਰਾਰਥਨਾ ਕਰ ਰਹੇ ਹਾਂ ਪਰਮੇਸ਼ੁਰ ਤੁਹਾਨੂੰ ਬੁੱਧ ਦੇਵੇ ਤਾਂ ਜੋ ਪਵਿੱਤਰ ਆਤਮਾ ਜੋ ਸਿਖਾਉਂਦਾ ਹੈ ਉਸ ਨੂੰ ਸਮਝ ਸਕੋ 10 ਤਾਂ ਜੋ ਤੁਸੀਂ ਅਜਿਹੀ ਸਹੀ ਚਾਲ ਚੱਲੋ ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਚੰਗੀ ਲੱਗੇ ਅਤੇ ਹਰੇਕ ਭਲੇ ਕੰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ੁਰ ਦੀ ਪਛਾਣ ਵਿੱਚ ਵਧਦੇ ਰਹੋ। 11 ਅਤੇ ਉਸ ਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਸਾਰੀ ਸਮਰੱਥਾ ਨਾਲ ਸਮਰੱਥੀ ਹੋ ਜਾਵੋ ਤਾਂ ਜੋ ਤੁਸੀਂ ਖੁਸ਼ੀ ਨਾਲ ਅਤੇ ਧੀਰਜ ਕਰੋ। 12 ਅਤੇ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਸ ਨੇ ਸਾਨੂੰ ਇਸ ਯੋਗ ਬਣਾਇਆ ਕਿ ਚਾਨਣ ਵਿੱਚ ਪਵਿੱਤਰ ਲੋਕਾਂ ਦੇ ਵਿਰਸੇ ਦੇ ਹਿੱਸੇਦਾਰ ਹੋਈਏ। 13 ਅਤੇ ਸਾਨੂੰ ਅੰਧਕਾਰ ਦੇ ਵੱਸ ਵਿੱਚੋਂ ਕੱਢ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ। 14 ਉਸ ਦੇ ਵਿੱਚ ਸਾਨੂੰ ਛੁਟਕਾਰਾ ਅਰਥਾਤ ਪਾਪਾਂ ਦੀ ਮਾਫ਼ੀ ਮਿਲਦੀ ਹੈ। 15 ਉਹ ਮਹਾਨ ਪਰਮੇਸ਼ੁਰ ਦਾ ਰੂਪ ਅਤੇ ਸਾਰੀ ਸਰਿਸ਼ਟ ਵਿੱਚੋਂ ਪਹਿਲੌਠਾ ਹੈ। 16 ਕਿਉਂ ਜੋ ਅਕਾਸ਼ ਅਤੇ ਧਰਤੀ ਉੱਤੇ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ, ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ, ਕੀ ਸਿੰਘਾਸਣ, ਕੀ ਰਿਆਸਤਾਂ, ਕੀ ਸਰਕਾਰਾਂ, ਕੀ ਅਧਿਕਾਰ, ਸੱਭੋ ਕੁਝ ਉਸ ਦੇ ਦੁਆਰਾ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ। 17 ਅਤੇ ਉਹ ਸਭ ਤੋਂ ਪਹਿਲਾਂ ਹੈ ਅਤੇ ਸੱਭੋ ਕੁਝ ਉਸੇ ਵਿੱਚ ਸਥਿਰ ਰਹਿੰਦਾ ਹੈ। 18 ਅਤੇ ਉਹ ਸਰੀਰ ਦਾ ਅਰਥਾਤ ਕਲੀਸਿਯਾ ਦਾ ਸਿਰ ਹੈ, ਉਹ ਹੀ ਆਦ ਹੈ ਅਤੇ ਮੁਰਦਿਆਂ ਵਿੱਚੋਂ ਪਹਿਲੌਠਾ ਹੈ ਕਿ ਉਹ ਸਭਨਾਂ ਗੱਲਾਂ ਵਿੱਚ ਪਰਧਾਨ ਹੋਵੇ। 19 ਕਿਉਂ ਜੋ ਪਰਮੇਸ਼ੁਰ ਨੂੰ ਇਹ ਚੰਗਾ ਲੱਗਾ ਜੋ ਸਾਰੀ ਸੰਪੂਰਨਤਾਈ ਉਸ ਵਿੱਚ ਵੱਸੇ। 20 ਅਤੇ ਉਸ ਦੀ ਸਲੀਬ ਦੇ ਲਹੂ ਦੇ ਵਸੀਲੇ ਮੇਲ ਕਰਾ ਕੇ ਧਰਤੀ ਉੱਤੇ ਅਤੇ ਅਕਾਸ਼ ਉੱਤੇ ਸਾਰੀਆਂ ਵਸਤਾਂ ਨੂੰ ਉਹ ਦੇ ਰਾਹੀਂ, ਹਾਂ, ਉਸੇ ਦੇ ਰਾਹੀਂ ਆਪਣੇ ਨਾਲ ਮੇਲ ਮਿਲਾਵੇ। 21 ਅਤੇ ਤੁਹਾਨੂੰ ਜਿਹੜੇ ਅੱਗੇ ਵੱਖਰੇ ਹੋਏ ਅਤੇ ਆਪਣੇ ਬੁਰੇ ਕੰਮਾਂ ਦੇ ਕਾਰਨ ਮਨੋਂ ਵੈਰੀ ਸੀ। 22 ਉਸ ਨੇ ਹੁਣ ਉਹ ਦੇ ਸਰੀਰ ਨਾਲ ਮੌਤ ਦੇ ਵਸੀਲੇ ਮੇਲ ਕਰਾਇਆ ਤਾਂ ਜੋ ਉਹ ਤੁਹਾਨੂੰ ਪਵਿੱਤਰ, ਨਿਰਦੋਸ਼, ਅਤੇ ਬੇਇਲਜ਼ਾਮ ਆਪਣੇ ਸਨਮੁਖ ਖੜ੍ਹਾ ਕਰੇ। 23 ਤੁਸੀਂ ਵਿਸ਼ਵਾਸ ਦੀ ਨੀਂਹ ਉੱਤੇ ਕਾਇਮ ਤੇ ਪੱਕੇ ਬਣੇ ਰਹੋ ਅਤੇ ਉਸ ਖੁਸ਼ਖਬਰੀ ਦੀ ਆਸ ਤੋਂ ਜਿਹੜੀ ਤੁਸੀਂ ਸੁਣੀ ਸੀ, ਉਸ ਤੋਂ ਪਿਛੇ ਨਾ ਹੋਵੋਂ ਜਿਸ ਦਾ ਪਰਚਾਰ ਅਕਾਸ਼ ਹੇਠਲੀ ਸਾਰੀ ਸ੍ਰਿਸ਼ਟੀ ਵਿੱਚ ਕੀਤਾ ਗਿਆ, ਜਿਸ ਦਾ ਸੇਵਕ ਮੈਂ ਪੌਲੁਸ ਹਾਂ। 24 ਹੁਣ ਮੈਂ ਆਪਣਿਆਂ ਉਨ੍ਹਾਂ ਦੁੱਖਾਂ ਵਿੱਚ ਜੋ ਤੁਹਾਡੇ ਲਈ ਝੱਲਦਾ ਹਾਂ ਤੇ ਅਨੰਦ ਹਾਂ ਅਤੇ ਮਸੀਹ ਦਿਆਂ ਦੁੱਖ ਦਾ ਘਾਟਾ ਮੈਂ ਉਹ ਦੀ ਦੇਹੀ ਅਰਥਾਤ ਕਲੀਸਿਯਾ ਦੇ ਲਈ ਆਪਣੇ ਸਰੀਰ ਵਿੱਚ ਪੂਰਾ ਕਰਦਾ ਹਾਂ 25 ਮੈਂ ਉਸ ਕਲੀਸਿਯਾ ਦਾ ਸੇਵਕ ਹੋਇਆ ਉਹ ਮੁਖ਼ਤਿਆਰੀ ਜੋ ਮੈਨੂੰ ਪਰਮੇਸ਼ੁਰ ਦੀ ਵੱਲੋਂ ਤੁਹਾਡੇ ਲਈ ਦਿੱਤੀ ਹੋਈ ਹੈ ਕਿ ਮੈਂ ਪਰਮੇਸ਼ੁਰ ਦੇ ਬਚਨ ਦਾ ਪੂਰਾਂ ਪ੍ਰਚਾਰ ਕਰਾਂ। 26 ਅਰਥਾਤ ਉਸ ਭੇਤ ਦੀ ਜਿਹੜਾ ਸਾਰਿਆਂ ਜੁੱਗਾਂ ਅਤੇ ਪੀੜ੍ਹੀਆਂ ਤੋਂ ਗੁਪਤ ਰਿਹਾ ਪਰ ਹੁਣ ਉਹ ਦੇ ਸੰਤਾਂ ਉੱਤੇ ਪਰਗਟ ਹੋਇਆ। 27 ਜਿਨ੍ਹਾਂ ਉੱਤੇ ਪਰਮੇਸ਼ੁਰ ਨੇ ਪ੍ਰਗਟ ਕਰਨਾ ਚਾਹਿਆ ਕਿ ਪਰਾਈਆਂ ਕੌਮਾਂ ਵਿੱਚ ਇਸ ਭੇਤ ਦੀ ਮਹਿਮਾ ਦਾ ਧਨ ਕੀ ਹੈ, ਸੋ ਇਹ ਮਸੀਹ ਤੁਹਾਡੇ ਵਿੱਚ ਪਰਤਾਪ ਦੀ ਆਸ ਹੈ। 28 ਜਿਸ ਦੀ ਅਸੀਂ ਖ਼ਬਰ ਦਿੰਦੇ ਹਾਂ ਅਤੇ ਹਰੇਕ ਮਨੁੱਖ ਨੂੰ ਸੁਚੇਤ ਕਰਦੇ ਅਤੇ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਉਪਦੇਸ਼ ਦਿੰਦੇ ਹਾਂ ਕਿ ਅਸੀਂ ਹਰੇਕ ਮਨੁੱਖ ਨੂੰ ਮਸੀਹ ਵਿੱਚ ਸਿੱਧ ਕਰ ਕੇ ਪੇਸ਼ ਕਰੀਏ। 29 ਅਤੇ ਇਸ ਲਈ ਮੈਂ ਉਹ ਦੀ ਸ਼ਕਤੀ ਦੇ ਅਨੁਸਾਰ ਜੋ ਮੇਰੇ ਵਿੱਚ ਸਮਰੱਥਾ ਨਾਲ ਪ੍ਰਭਾਵ ਪਾਉਦਾਂ ਹੈ, ਤਨੋਂ ਮਨੋਂ ਮਿਹਨਤ ਕਰਦਾ ਹਾਂ।

Everything we make is available for free because of a generous community of supporters.

Donate